Followers

Sunday, January 2, 2011

ਰਣਜੀਤ ਸਿੰਘ ਕੰਵਲ ਦੀਆਂ ਕੁਝ ਰਚਨਾਵਾਂ

 ਤੀਆਂ

ਛੰਮ ਛੰਮ ਕਰਕੇ ਮੀਂਹ ਵਰਸੇਂਦਾ
ਸ਼ਾਮ ਘਟਾਂ ਚਡ਼੍ਹ ਆਈਆਂ
ਸਾਉਣ ਮਹੀਨੇ ਇਕੱਠੀਆਂ ਹੋਈਆਂ
ਨਣਦਾਂ ਤੇ ਭਰਜਾਈਆ
ਸਾਉਣ ਮਹੀਨੇ ਪੇਕੇ ਆਵਣ
ਕੁਡ਼ੀਆਂ ਸੱਜ ਵਿਆਹੀਆਂ
ਪਿੱਪਲ ਬੋਹਡ਼ ਨ ਦਿੱਸਣ ਕਿੱਧਰੇ
ਨਿੰਮਾਂ ਵੇਚ ਗਵਾਈਆਂ
ਕਈ ਸਾਉਣ ਤਾਂ ਸੁੱਕੇ ਲੰਘੇ
ਭੁੱਲ ਨ ਝਡ਼ੀਆਂ ਲਾਈਆਂ
ਖੇਤੀਂ ਬੰਨ੍ਹੀ ਰੁੱਖ ਨ ਛੱਡੇ
ਕੁਦਰਤ ਪਾਏ ਦੁਹਾਈਆਂ
ਰਹਿੰਦੀ ਖੂਹੰਦੀ ਹੱਦ ਮੁਕਾਤੀ
ਖੇਤੀਂ ਅੱਗਾਂ ਲਾਈਆਂ
ਬਾਹਰ ਰੁੱਖ ਨ ਨਜ਼ਰੀਂ ਆਉਂਦੇ
ਤੀਆਂ ਪਾਰਕੀਂ ਲਾਈਆਂ
ਪੀਂਘਾਂ ਦੀ ਥਾਂ ਝੂਲੇ ਝੂਲਣ
ਰਲ ਮਾਨਣ ਨਣਦਾਂ ਭਰਜਾਈਆਂ
ਮੇਲੇ ਵੀ ਹੁਣ ਰਸਮੀ ਹੋ ਗਏ
ਕੰਵਲ ਨੇ ਮੂੰਹ ਵਿਚ ਉਂਗਲਾਂ ਪਾਈਆਂ।
              -0-
 ਕਾਂਗ

ਬੋਤਲ ਮਸਤੀ ਕਈ ਘਰ ਗਾਲ਼ੇ
ਕਈਆਂ ਦੇ ਬੁਝ ਗਏ ਚਰਾਗ਼
ਸਾਰੀ ਉਮਰਾਂ ਨਹੀਂ ਮਿਟਣਗੇ
ਮਾਂ ਦੇ ਸੀਨੇ ਲੱਗੇ ਦਾਗ਼
ਕੁਲ ਹਯਾਤੀ ਰਹੇ ਵਿਲਕਦੀ
ਜਿਸਦਾ ਲੁੱਟਿਆ ਜਾਏ ਸੁਹਾਗ
ਕਿਹਡ਼ ਵੀਰ ਲਿਆਊ ਸੰਧਾਰਾ
ਵਿਲਕੇ ਭੈਣ ਸ਼ੁਦਾਈਆਂ ਵਾਂਗ
ਬਾਪੂ ਦੀ ਟੁੱਟ ਜਾਏ ਡੰਗੋਰੀ
ਰਹਿ ਜਾਏ ਦਿਲ ਵਿਚ ਧੁੱਖਦੀ ਤਾਂਘ
ਐਸੀ ਨਜ਼ਰ ਪੰਜਾਬ ਨੂੰ ਲੱਗੀ
ਐਸੀ ਚਡ਼੍ਹੀ ਨਸ਼ੇ ਦੀ ਕਾਂਗ
ਮੂੰਹ ਵਿਚ ਸਿਗਰਟ, ਕਾਲੀ ਐਨਕ
ਫਿਲਮੀ ਹੀਰੋ ਜਿਹਾ ਸਵਾਂਗ
ਚਰਸ ਸਮੈਕਾਂ ਅਤੇ ਗੋਲੀਆਂ
ਬਣਿਆ ਫਿਰਦਾ ਏ ਕਿੰਗ ਕਾਂਗ
ਵੰਨ ਸਵੰਨੇ ਨਸ਼ੇ ਵਰਤ ਕੇ
ਫਿਰੇ ਭਟਕਦਾ ਕਮਲਿਆਂ ਵਾਂਗ
ਸੁਆਣੀਆਂ ਨੂੰ ਕਰ ਦਿੱਤਾ ਬੁੱਚਾ
ਗਹਿਣੇ ਗੱਟੇ ਦਿੱਤੇ ਛਾਂਗ
ਆਉਣ ਤੋਂ ਪਹਿਲੋਂ ਜਾਏ ਜਵਾਨੀ
ਬੂਥੀ ਬਣੀ ਕਰੇਲੇ ਵਾਂਗ
ਨਸ਼ੇ ਦੇ ਜੋ ਟੇਟੇ ਚਡ਼੍ਹਿਆ
ਕੰਵਲ ਭਟਕੇ ਝੱਲਿਆਂ ਵਾਂਗ।
            -0-
ਮਾਂ

ਮੈਂ ਬਸ ਇਕ ਸੋਚ ਬਣਾਈ
ਹੋਵੇ ਨਾ ਕੋਈ ਰੁਸਵਾਈ
ਸੇਵਾ ਕਰਾਂ ਮੈਂ ਸਿਰ ਦੀ ਛਾਂ ਦੀ
ਦੇਖਭਾਲ ਬੱਚਿਆਂ ਦੀ ਮਾਂ ਦੀ
ਨੈਣ ਪ੍ਰਾਣ ਨੇ ਚਲਦੇ ਜਦ ਤੱਕ
ਏਸ ਕੰਮੋਂ ਨ ਕਰਾਂ ਕਜ਼ਾਕਤ
ਇਹ ਜ਼ਿੰਦਗੀ ਨਾ ਆਉਣੀ ਮੁਡ਼ਕੇ
ਮਾਂ ਦੀ ਗੋਦ ਨਾ ਥਿਆਉਣੀ ਮੁਡ਼ਕੇ
ਕਦ ਮਾਂ ਮੈਨੂੰ ਦੁੱਧ ਚੁੰਘਾਉਣਾ
ਗਿੱਲੇ ਪੈ ਮੈਨੂੰ ਸੁੱਕੇ ਪਾਉਣਾ
ਕੱਕਰੀ ਰਾਤ ਸਿਆਲ ਦੀ ਕਿਸ ਸੀਨੇ ਲਾਉਣਾ
ਕਰੀਏ ਲੱਖਾਂ ਇੱਲਤਾਂ ਕਿਸ ਗਲ ਨਾਲ ਲਾਉਣਾ
ਤਪਦੀ ਸਡ਼ਦੀ ਰੁੱਤ ਵਿਚ ਜਾਂ ਜੇਠ ਮਹੀਨੇ
ਕਿਸ ਮਾਂ ਪੱਖੀ ਝੱਲਣੀ ਨਾ ਆਉਣ ਪਸੀਨੇ
ਕੌਣ ਦੱਸੂ ਮੇਰੇ ਕੰਮਾਂ ਨੂੰ ਕਰ ਦੂਣੇ ਤੀਣੇ
ਮਾਂ ਦੇ ਸੀਤੇ ਖੱਦਰ ਵੀ ਲੱਗਣ ਪਸ਼ਮੀਨੇ।
                 -0-
ਦਾਦੀ
            
ਨਿੱਕੇ   ਹੁੰਦਿਆਂ   ਮੈਨੂੰ    ਡਾਢਾ,   ਲਾਡ   ਲਡਾਉਂਦੀ     ਦਾਦੀ
ਸੁਰਮੇ  ਡਲੀਆਂ  ਪੀਸ ਪੀਸ  ਕੇ,  ਅੱਖੀਂ  ਸੁਰਮਾ ਪਾਉਂਦੀ ਦਾਦੀ
ਰਿਡ਼ਕੇ  ਦੁੱਧ  ਬਹਾਕੇ  ਗੋਡੇ, ਮੱਖਣ  ਮੂੰਹ  ਨੂੰ  ਲਾਉਂਦੀ  ਦਾਦੀ
ਨੁਹਾ  ਧੁਆ  ਕੇ  ਚੰਗੂ  ਮੈਨੂੰ,  ਨਜ਼ਰੋਂ  ਟਿੱਕਾ   ਲਾਉਂਦੀ  ਦਾਦੀ
ਅਕਲੋਂ  ਬਾਲ  ਸਿਆਣਾ ਹੋਵੇ, ਤਾਲੂਏ  ਮੱਖਣ  ਝਸਾਉਂਦੀ ਦਾਦੀ
ਮਾਂ  ਮੇਰੀ  ਜਦ  ਕੰਮੀਂ   ਰੁੱਝੇ,  ਮੋਢੇ  ਚੁੱਕ  ਖਡਾਉਂਦੀ   ਦਾਦੀ
ਰੁਡ਼੍ਹਦਾ ਰੁਡ਼੍ਹਦਾ ਬਾਹਰ ਜੇ ਆਉਂਦਾ, ਪਿੱਛੇ ਭੱਜੀ ਆਉਂਦੀ ਦਾਦੀ
ਵੱਡਾ  ਹੋ  ਕੇ  ਡਾਰੀਂ ਰਲਦਾ, ਭਾਲ ਭਾਲ  ਕੇ  ਲਿਆਉਂਦੀ ਦਾਦੀ
ਕਿਸੇ ਚੀਜ਼ ਤੋਂ ਜੇ ਰੁੱਸ ਜਾਂਦਾ, ਪਿਆਰ ਨਾਲ ਸਮਝਾਉਂਦੀ ਦਾਦੀ
ਰਾਤੀਂ   ਚਡ਼੍ਹ   ਕੋਠੇ  ਤੇ  ਮੈਨੂੰ,  ਤਾਰਾ  ਧਰੂ  ਵਖਾਉਂਦੀ   ਦਾਦੀ
ਕਦੀ  ਕਦੀ  ਉਹ  ਬਾਤਾਂ ਪਾ ਕੇ, ਬੁੱਝੋ  ਆਖ  ਸੁਣਾਉਂਦੀ  ਦਾਦੀ
ਵਾਰ  ਵਾਰ  ਕਹਿ  ਬੁੱਝੋ  ਬੁੱਝੋ, ਸਾਨੂੰ  ਬਹੁਤ ਖਝਾਉਂਦੀ  ਦਾਦੀ
ਸਾਨੂੰ  ਖਿਝਿਆਂ  ਰੁੱਸਿਆ ਤੱਕ ਕੇ, ਆਪੇ ਫੇਰ ਵਰਾਉਂਦੀ  ਦਾਦੀ
ਸਪਤ ਰਿਸ਼ੀ ਤੇ ਰਾਹ ਛਡਿਆਂ ਦਾ, ਸਾਨੂੰ ਕਦੀ ਵਖਾਉਂਦੀ ਦਾਦੀ
ਛਡ਼ੇ  ਆਖਦੀ  ਧੂਡ਼  ਉਡਾਉਂਦੇ,  ਸਾਨੂੰ  ਖੂਬ  ਹਸਾਉਂਦੀ  ਦਾਦੀ
ਸਾਡਾ  ਜੀਅ  ਲਵਾਉਂਦੀ  ਰੱਜ ਕੇ, ਬਾਤਾਂ ਰੋਜ ਸੁਣਾਉਂਦੀ ਦਾਦੀ
ਮਿੱਠੀਆਂ ਮਿੱਠੀਆਂ  ਲੋਰੀਆਂ ਦੇ ਕੇ, ਸਾਨੂੰ ਫੇਰ ਸੁਵਾਉਂਦੀ ਦਾਦੀ
ਸਕੂਲ  ਜਾਣ  ਤੋਂ  ਪਹਿਲਾਂ  ਮੈਨੂੰ, ਚੂਰੀ  ਕੁੱਟ ਖਵਾਉਂਦੀ  ਦਾਦੀ
ਬਸਤਾ, ਫੱਟੀ  ਚੁੱਕ  ਕੇ  ਮੇਰੀ,  ਛੱਡ  ਸਕੂਲੇ  ਆਉਂਦੀ  ਦਾਦੀ
ਔਕਡ਼  ਵੇਲੇ  ਬਲ ਬਲ  ਜਾਵੇ, ਛਾਤੀ  ਦੇ  ਨਾਲ ਲਾਉਂਦੀ ਦਾਦੀ
‘ਕੰਵਲ’ ਨਾ  ਛੱਡੀਂ  ਨੇਕੀ ਮੂਲੋਂ, ਅੰਤ  ਸਮੇਂ  ਫਰਮਾਉਂਦੀ  ਦਾਦੀ
ਸ਼ਾਲਾ! ਸਵਰਗੀਂ  ਵਾਸਾ  ਹੋਵੇ, ਭਾਗਾਂ  ਨਾਲ  ਥਿਆਉਂਦੀ ਦਾਦੀ।
                              -0-

ਲੇਖਕ ਬਾਰੇ :

ਨਾਂ  : ਰਣਜੀਤ ਸਿੰਘ
ਸਾਹਿਤਕ ਨਾਂ  :  ਰਣਜੀਤ ਸਿੰਘ ਕੰਵਲ
ਜਨਮ ਮਿਤੀ/ਸਥਾਨ : 25 ਨਵੰਬਰ1931 / ਕੋਟਕਪੂਰਾਜ਼ਿਲਾ: ਫਰੀਦਕੋਟਪੰਜਾਬ

ਪਿਤਾ/ਮਾਤਾ ਦਾ ਨਾਂ  :   ਸ. ਕੇਹਰ ਸਿੰਘ / ਸ਼੍ਰੀਮਤੀ ਨੰਦ ਕੌਰ
ਵਿਦਿਅਕ ਯੋਗਤਾ     :   ਮੈਟ੍ਰਿਕਗਿਆਨੀਜੇ.ਬੀ.ਟੀ.
ਲੇਖਣ ਦੀਆਂ ਵਿਧਾਵਾਂ :   ਕਵਿਤਾਕਹਾਣੀ
ਪ੍ਰਕਾਸ਼ਿਤ ਪੁਸਤਕਾਂ : ‘ਸੱਧਰਾਂ ਦੇ ਸਿਰਨਾਵੇਂ’ ਤੇ  ‘ਰੀਝਾਂ ਦੇ ਰੰਗ’ (ਕਾਵਿ-ਸੰਗ੍ਰਹਿ)
ਮਾਨ-ਸਨਮਾਨ  : ਕੌਲ-ਸਰ ਕਲੱਬਕੋਠਾ ਗੁਰੂ ਵੱਲੋਂ ਸਨਮਾਨਿਤ
ਕਿੱਤਾ                :    ਸੇਵਾ ਮੁਕਤ ਅਧਿਆਪਕ
ਮੌਜੂਦਾ ਰਿਹਾਇਸ ਤੇ ਡਾਕ ਪਤਾ :  ਅਗਵਾਡ਼ ਨਹਿਰਾਕੋਟਕਪੂਰਾ(ਪੰਜਾਬ)-151204
ਫੋਨ ਨੰਬਰ             :  01635-221520 
 ਮੋਬਾਇਲ ਨੰਬਰ   :92564-29220
                   *******
2 comments:

 1. ਮਾਣਯੋਗ ਹਰਦੀਪ ਸੰਧੂ ਜੀ,
  ਦੇਸ-ਪ੍ਰਦੇਸ ਬਲਾਗ ਸ਼ੁਰੂ ਕਰਨ ਲਈ ਬਹੁਤ-ਬਹੁਤ ਵਧਾਈ। ਇਸ ਨਾਲ ਨਿਸ਼ਚੈ ਹੀ ਪੰਜਾਬੀ ਲੇਖਕਾਂ ਨੂੰ ਦੂਰ-ਦੁਰੇਡੇ ਬੈਠੇ ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਵਿਚ ਸਹੂਲਤ ਰਹੇਗੀ। ‘ਕੰਵਲ’ ਜੀ ਲਈ ਮੇਰੇ ਮਨ ਵਿਚ ਬਹੁਤ ਸਤਿਕਾਰ ਹੈ। ਉਹ ਉਮਰ ਦੇ 80ਵੇਂ ਵਰ੍ਹੇ ਵਿਚ ਵੀ ਸਾਹਿਤ ਸਭਾ ਦੇ ਕਾਰਜਾਂ ਵਿਚ ਭਾਗ ਲੈਂਦੇ ਹਨ। ਉਹਨਾਂ ਦੀਆਂ ਰਚਨਾਵਾਂ ਪ੍ਰਭਾਵਿਤ ਕਰਦੀਆਂ ਹਨ।
  ਕੋਸ਼ਿਸ਼ ਰਹੇਗੀ ਕਿ ਪੰਜਾਬੀ ਦੇ ਹੋਰਨਾਂ ਲੇਖਕਾਂ ਦੀਆਂ ਚੋਣਵੀਆਂ ਰਚਨਾਵਾਂ ਦੇਸ-ਪ੍ਰਦੇਸ ਤੱਕ ਪਹੁੰਚਣ।
  ਸ਼ੁਭ ਇੱਛਾਵਾਂ ਨਾਲ,
  ਹਿਤੂ
  ਸ਼ਿਆਮ ਸੁੰਦਰ ਅਗਰਵਾਲ

  ReplyDelete
 2. दादी कितने सारे काम करती रहती है , इसका व्यापक विश्लेषण किया है । ज़मीन से जुड़ी इस तरह की रचनाएँ दिल को छू लेती हैऽअदरणीय रणजीत सिंह जी कँवल को बधाई और साथ ही हरदीप जी को भी -देस-परदेस सबको जोड़ने के लिए ।

  ReplyDelete