Followers

Thursday, March 31, 2011

ਹਰਮਿੰਦਰ ਸਿੰਘ ਕੋਹਾਰਵਾਲਾ ਦੀਆਂ ਰਚਨਾਵਾਂ

 :
1. ਗ਼ਜ਼ਲ
ਰੂਹ   ਰੁਸ਼ਨਾਵੇ  ਮੱਕਾ  ਤੇ  ਨਾ  ਅੰਬਰਸਰ।
ਇੱਕ ਟਟਹਿਣਾ ਹੀ ਸਾਡੇ ਲਈ ਬਿਜਲੀਘਰ।
ਡੋਬ  ਰਿਹਾ  ਸੋਕਾ  ਹੀ   ਇਸ  ਨਗਰੀ  ਨੂੰ,
ਚਾਰ  ਚੁਫੇਰੇ  ਖੁਸ਼ਕੀ  ਰੱਖੇ   ਅੱਖਾਂ   ਤਰ।
ਕਹਿਰ ਕਰੁੱਤੇ ਮੀਂਹ ਦਾ ਕਦ ਤਕ ਝੱਲਣਗੇ,
ਖੇਤੀ ਪੱਕੀਆਂ ਫਸਲਾਂ, ਪਿੰਡ ’ਚ ਕੱਚੇ ਘਰ।
ਬਚ  ਜਾਣਾ  ਸੀ  ਰੱਬ  ਦੇ  ਮਾਰੇ  ਬੰਦੇ ਨੇ,
ਜੇਕਰ    ਚਾਰਾਜੋਈ   ਕਰਦਾ    ਚਾਰਾਸਰ।
ਕੀ ਗਰਮਾਉਣਾ ਉਹਨਾਂ  ਨੇ ਇਸ ਮੌਸਮ ਨੂੰ,
ਕੋਹ ’ਤੇ  ਹੁੰਦੈ  ਠੱਕਾ, ਕੰਬਣ  ਜੋ ਥਰ ਥਰ।
ਜ਼ੋਰ  ਲਗਾ ਕੇ ਮਨ ’ਚੋਂ  ਤੋਰ  ਉਦਾਸੀ  ਨੂੰ,
ਫਿਰ ਵੀ  ਗੇਡ਼ੇ  ਮਾਰੂ  ਮੁਡ਼ ਮੁਡ਼  ਪੇਕੇ ਘਰ।
ਦਰਦ ਵਸਾ ਕੇ  ਅੰਦਰ  ਸਾਰੀ ਦੁਨੀਆਂ ਦਾ,
ਹੁਣ ਨਾ ਸਾਰੀ ਸ਼ਕਤੀ ਘਰ ’ਤੇ ਫੋਕਸ ਕਰ। 
                   -0-

2. ਗ਼ਜ਼ਲ

 ਸਮਝ  ਨਾ  ਉੱਤਮ ਜੂਨ ਇਹ, ਜੀਣਾ ਵੇਖ ਮੁਹਾਲ।
ਪੁਸ਼ਤਾਂ  ਪੁੱਠੇ  ਲਟਕ  ਕੇ, ਲਟਕੇ  ਰਹਿਣ  ਸਵਾਲ।
ਮਸਲੇ  ਇੱਥੇ  ਆਮ  ਨੇ,  ਪਰ  ਵਸਤਾਂ  ਦਾ  ਕਾਲ਼।
ਇਸ ਨਗਰੀ ’ਤੇ ਸੁੱਟਿਆ, ਸ਼ਾਹ ਨੇ ਮਾਇਆ ਜਾਲ਼।
ਕਮਚੋਰਾਂ  ਦੀ   ਘਾਟ   ਨਾ,  ਚੋਰ  ਬਜ਼ਾਰੀ  ਆਮ,
ਅੱਖ  ਚੁਰਾਉਂਦੇ  ਖਲਕ  ਤੋਂ,  ਹਾਕਮ  ਪੰਜੇ  ਸਾਲ।
ਘੁਟ ਘੁਟ ਕੇ ਹੀ ਜੀਣ ਦਾ, ਨਿੱਤ  ਕਰੀਂ ਅਭਿਆਸ,
ਘੁੱਟੀ ਰੱਖਣ ਹੱਥ  ਉਹ, ਹਿਰਦਾ  ਕਰੀਂ  ਵਿਸ਼ਾਲ।
ਤਕਡ਼ਾ ਹੋ  ਕੇ  ਕਮਰ  ਕਸ, ਛੱਡ ਬਿਗਾਨੀ  ਆਸ,
ਗੁੰਦੀਂ   ਆਪੇ   ਮੀਢੀਆਂ,  ਰੱਖੀਂ  ਸੁਰਤ   ਸੰਭਾਲ।
ਖੌਰੂ  ਪਾ ਕੇ  ਜ਼ਿਹਨ ਵਿੱਚ, ਨਿਕਲੇ  ਸੋਚ  ਵਿਚਾਰ,
ਮੇਟੇ   ਹੱਦਾਂ  ਹਾਸ਼ੀਏ,   ਫਿਰ  ਹਰਫ਼ਾਂ  ਦੀ   ਪਾਲ।
ਜਦ ਤਕ  ਰਹਿਣੇ ਵਿਤਕਰੇ, ਜਦ  ਤਕ  ਕਾਣੀਵੰਡ,
ਖਹਿਣਾ  ਨਾਲ  ਸ਼ੈਤਾਨ  ਦੇ, ਆਢਾ  ਬਦੀਆਂ  ਨਾਲ।

3. ਗ਼ਜ਼ਲ
ਬੇਸ਼ਕ  ਹੈ  ਤਾਂ  ਬਾਲਣ  ਇਹ,   ਪਰ  ਨਾ  ਸਕੀਏ  ਬਾਲ਼
ਮੋਈ  ਮਾਂ  ਦੀ  ਯਾਦ  ਜੁੜੀ  ਹੈ,   ਟੁੱਟੇ  ਚਰਖੇ  ਨਾਲ਼।
ਹੋਰ  ਕਿਸੇ  ਨੇ  ਭੇਦ  ਨਾ  ਦੇਣਾ,  ਖੁਦ  ਕਰੀਏ  ਪੜਤਾਲ਼,
ਹਾਲੇ  ਕਿੰਨਾ  ਚਿਰ  ਰਹਿਣੀ  ਹੈ,  ਹਾਸੇ  ਦੀ   ਹਡ਼ਤਾਲ਼
ਸਿਰ  ਉੱਤੇ   ਤੂਫਾਨ   ਰਹਿਣਗੇ,   ਪੈਰਾਂ  ਹੇਠ  ਭੂਚਾਲ,
ਏਸੇ   ਸੂਰਤ   ਸੁਰਬਧ  ਕਰਨੇ,  ਜੀਵਨ   ਦੇ  ਸੁਰਤਾਲ।

ਨਾ  ਕਿੱਲੇ  ’ਤੇ  ਝੋਟੀ  ਛੱਡੇ,   ਨਾ  ਕੰਨਾਂ  ਵਿੱਚ  ਤੁੰਗਲ,
ਖ਼ੋਰ  ਦਏ   ਕਿੱਲੇ  ਵੀ  ਖੇਤੀ,  ਕਰਜ਼  ਵਧੇ  ਹਰ   ਸਾਲ।

ਭੋਰਾ  ਧੁੱਪ  ਸਹੇ   ਨਾ  ਜਿਹੜਾ,  ਉਹ   ਭੋਗੇ  ਮੰਦਹਾਲੀ,
ਰਡ਼ਕ  ਮਡ਼ਕ  ਜਦ  ਸਿਰ  ਨਾ  ਚੁੱਕੇ ਕੌਣ  ਕਰੇ  ਖੁਸ਼ਹਾਲ।

ਸਰੂਆਂ  ਵਰਗੇ  ਯਾਰ  ਹੋਣ   ਨਾ,  ਜਿਸ  ਦੇ  ਅੱਗੇ  ਪਿੱਛੇ,
ਲਿਫ  ਜਾਂਦਾ  ਹਰ  ਅੱਗੇ  ਹੀ  ਉਹ,  ਡਿਗਦਾ  ਝੱਟ  ਚੌਫ਼ਾਲ਼।

ਇਸ  ਢਾਂਚੇ  ਵਿਚ  ਕਿਸ  ਅਪਨਾਉਣੀਏਸ  ਤਰ੍ਹਾਂ  ਦੀ  ਨੀਤੀ,
ਜੋ  ਰਾਠਾਂ  ਨੂੰ  ਥਾਂ  ਸਿਰ  ਕਰਕੇਸਭ  ਨੂੰ  ਕਰੇ  ਨਿਹਾਲ।
                                           ****


ਲੇਖਕ ਬਾਰੇ
 
                                                            
1. ਨਾਂ              :   ਹਰਮਿੰਦਰ ਸਿੰਘ
2. ਸਾਹਿਤਕ ਨਾਂ   :   ਹਰਮਿੰਦਰ ਸਿੰਘ ਕੋਹਾਰਵਾਲਾ
3. ਜਨਮ ਮਿਤੀ/ਸਥਾਨ :  27 ਫਰਵਰੀ, 1941 /
        ਪਿੰਡ: ਕੋਹਾਰਵਾਲਾ, ਜ਼ਿਲਾ: ਫਰੀਦਕੋਟ (ਪੰਜਾਬ)
4. ਪਿਤਾ/ਮਾਤਾ ਦਾ ਨਾਂ  : ਸ. ਹਰਦਿਆਲ ਸਿੰਘ  /ਸ਼੍ਰੀਮਤੀ ਬਚਨ ਕੌਰ
5. ਵਿਦਿਅਕ ਯੋਗਤਾ     :   ਬੀ.ਏ., ਬੀ.ਐਡ.
6. ਲੇਖਣ ਦੀਆਂ ਵਿਧਾਵਾਂ :   ਨਜ਼ਮ, ਗ਼ਜ਼ਲ
7. ਪ੍ਰਕਾਸ਼ਿਤ ਪੁਸਤਕਾਂ
  (i) ਮੌਲਿਕ  :ਇੱਕ ਲੱਪ ਲਾਵਾ (ਕਾਵਿ ਸੰਗ੍ਰਹਿ), ਜਦ ਜ਼ਖਮ ਦਵਾਤ ਬਣੇ (ਗ਼ਜ਼ਲ ਸੰਗ੍ਰਹਿ)
 9. ਕਿੱਤਾ                :   ਸੇਵਾ ਮੁਕਤ ਅਧਿਆਪਕ
10. ਮੌਜੂਦਾ ਰਿਹਾਇਸ  :  ਪਿੰਡ: ਕੋਹਾਰਵਾਲਾ, ਡਾਕ: ਕੋਟਕਪੂਰਾ
                                   (ਜ਼ਿਲਾ: ਫਰੀਦਕੋਟ)-151204
11. ਸੰਪਰਕ
 (i) ਫੋਨ ਨੰਬਰ    :  01635-222128    
 (ii)ਮੋਬਾਇਲ ਨੰਬਰ   : 98768-73735
1 comment:

 1. Harminder Ji,
  Har Ghazal da alag hi rang hai, kujh she'r te gehri maar karde ne
  ਸਮਝ ਨਾ ਉੱਤਮ ਜੂਨ ਇਹ, ਜੀਣਾ ਵੇਖ ਮੁਹਾਲ।
  ਪੁਸ਼ਤਾਂ ਪੁੱਠੇ ਲਟਕ ਕੇ, ਲਟਕੇ ਰਹਿਣ ਸਵਾਲ।
  ਮਸਲੇ ਇੱਥੇ ਆਮ ਨੇ, ਪਰ ਵਸਤਾਂ ਦਾ ਕਾਲ਼।
  ਇਸ ਨਗਰੀ ’ਤੇ ਸੁੱਟਿਆ, ਸ਼ਾਹ ਨੇ ਮਾਇਆ ਜਾਲ਼।
  ਕਮਚੋਰਾਂ ਦੀ ਘਾਟ ਨਾ, ਚੋਰ ਬਜ਼ਾਰੀ ਆਮ,
  ਅੱਖ ਚੁਰਾਉਂਦੇ ਖਲਕ ਤੋਂ, ਹਾਕਮ ਪੰਜੇ ਸਾਲ।
  vadhaai
  Surinder Ratti
  Mumbai

  ReplyDelete